ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਉਏ !

ਅੱਜ ਪੰਜਾਬੀਆਂ ਦੀ ਸ਼ਾਨ ਪੱਗ ਦਾ ਮਸਲਾ ਚਰਚਾ ਵਿੱਚ ਹੈ। ਸਾਡੀ ਆਨ ਅਤੇ ਸ਼ਾਨ ਦੀ ਪ੍ਰਤੀਕ ਪੱਗ ਨੂੰ ਮਸਲਾ ਕਦੋਂ ਬਣਾ ਲਿਆ ਗਿਆ, ਇੱਸ ਗੱਲ ਦਾ ਤਾਂ ਸਾਨੂੰ ਪਤਾ ਹੀ ਨਹੀ ਲੱਗਾ। ਪੱਗ ਇੱਜਤ ਅਤੇ ਮਾਣ ਦੀ ਪ੍ਰਤੀਕ ਹੈ। ਇਹ ਜ਼ੁਬਾਨ ਦੀ ਜਾਂ ਕਹਿ ਲਉ ਵਚਨ ਦੀ ਤਰਜਮਾਨੀ ਕਰਦੀ ਹੈ। ਸਿਰ ਸੀ ਸ਼ਾਨ ਹੁੰਦੀ ਹੈ ਪਗੜੀ। ਇਸੇ ਲਈ ਮੰਗਣੀ ਦੀ ਰਸਮ ਵੇਲ਼ੇ ਲੜਕੀ ਨੂੰ ਲੜਕਾ ਆਪਣੀ ਪਗੜੀ ਦੇ ਦਿੰਦਾ ਹੈ ਤਾਂ ਜੋ ਉਸ ਨੂੰ ਹਰ ਵੇਲ਼ੇ ਪੱਗ ਜਾਂ ਇੱਜ਼ਤ ਦਾ ਖਿਆਲ ਰਹੇ ਕਿ ਕਿਸੇ ਦੀ ਇੱਜ਼ਤ ਹੁਣ ਉਸਦੇ ਹੱਥ ਵਿੱਚ ਹੈ। ਜਦ ਕਿਸੇ ਦੇ ਮਾਨ-ਸਨਮਾਨ ਦੀ ਹਾਨੀ ਜਾਂ ਬੇਇੱਜ਼ਤੀ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਉਸਦੀ ਪੱਗ ਮਿੱਟੀ ਵਿੱਚ ਰੁਲ਼ ਗਈ। ਜਦੋਂ ਅੰਗਰੇਜ਼ਾਂ ਨੇ ਲਾਮ ਲਸ਼ਕਰ ਪੰਜਾਬ 'ਤੇ ਚਾੜ੍ਹ ਦਿੱਤਾ ਤਾਂ ਮਹਾਂਰਾਣੀ ਜਿੰਦਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲ਼ਾ ਨੂੰ ਖ਼ਤ ਲਿਖਿਆ ਕਿ ਜੋ ਪੱਗ ਤੁਸਾਂ ਮਹਾਰਾਜਾ ਸਹਿਬ ਨਾਲ਼ ਵਟਾਈ ਸੀ ਉਹ ਅੱਜ ਰੁਲ਼ਣ ਲੱਗੀ ਹੈ। ਆ ਕੇ ਬਚਾ ਲਵੋ। ਇਹ ਖ਼ਤ ਪੜ੍ਹ ਕੇ ਸੂਰਮੇ ਦਾ See More All Turban Videos <> http://www.punjabiturban.com/videos.php
ਖੂਨ ਖੌਲ ਉੱਠਿਆ। ਇੱਕ ਰਾਜਪੂਤ ਰਾਜੇ ਨੇ ਯੁੱਧ ਵਿੱਚ ਹਾਰ ਅਜਿਹੀ ਦਿਲ 'ਤੇ ਲਾਈ ਕਿ ਉਸ ਨੇ ਪਗੜੀ ਬੰਨ੍ਹਣੀ ਛੱਡ ਦਿੱਤੀ। ਅਜੀਬ ਵਿਡੰਬਨਾ ਹੈ ਕਿ ਪਗੜੀ ਨੂੰ ਸਿਰਫ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੇ ਤੌਰ 'ਤੇ ਮੰਨ ਲਿਆ ਗਿਆ ਹੈ। ਇੱਸ ਸ਼ਾਨਦਾਰ ਸ਼ੈਅ ਨੂੰ ਇੱਕ ਫ਼ਿਰਕੇ ਵਿੱਚ ਬੰਨ੍ਹ ਕੇ ਇੱਸਦੀ ਮਹੱਤਤਾ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ। ਪਰ ਹਿੰਦੂਆਂ ਦਾ ਇਤਿਹਾਸ ਫੋਲ ਲਵੋ। ਇਸ ਧਰਮ ਦੇ ਰਾਜੇ-ਮਹਾਰਾਜੇ ਅਤੇ ਧਾਰਮਿਕ ਲੀਡਰ ਸਦੀਆਂ ਪਹਿਲਾਂ ਪੱਗ ਬੰਨ੍ਹਿਆ ਕਰਦੇ ਸਨ। ਰਾਜਪੂਤਾਂ ਵਿੱਚ ਹੁਣ ਵੀ ਰਿਵਾਜ ਹੈ। ਬਨਾਰਸ ਅਤੇ ਹੋਰ ਧਾਰਮਿਕ ਥਾਵਾਂ 'ਤੇ ਘੁੰਮ ਲਵੋ ਭਾਵੇਂ ਕੁੰਭ ਦਾ ਉਰਸ ਵੇਖ ਲਉ ਹਿੰਦੂ ਧਰਮ ਦੀਆਂ ਪ੍ਰਾਚੀਨ ਸੰਪਰਦਾਵਾਂ ਦੇ ਲੋਕ ਹੁਣ ਵੀ ਪੱਗ ਬੰਨ੍ਹਦੇ ਹਨ। ਇਹਦੀ ਸ਼ਾਨ ਵੱਖਰੀ ਹੈ। ਇਸਾਈ ਧਰਮ ਨੂੰ ਦਿਲੋਂ ਮੰਨਣ ਵਾਲ਼ੇ ਲੋਕ ਅਤੇ ਧਾਰਮਿਕ ਆਗੂ ਵਾਲ਼ ਵੀ ਰੱਖਦੇ ਹਨ ਤੇ ਪੱਗ ਵੀ ਬੰਨ੍ਹਦੇ ਰਹੇ ਹਨ। ਮੈਨੂੰ ਪੱਗ ਦਾ ਗੋਲ਼ ਜਿਹਾ ਸਟਾਈਲ ਸਭ ਤੋਂ ਵਧੀਆ ਲੱਗਦਾ ਹੈ। ਕਾਬਲ-ਕੰਧਾਰ ਦੇ ਲੋਕਾਂ ਵਰਗਾ ਅੰਦਾਜ਼। ਉਸੇ ਅੰਦਾਜ਼ ਦੀ ਗੋਲ਼ ਪੱਗ ਨਿਹੰਗ ਸਿੰਘ ਬੰਨ੍ਹਦੇ ਹਨ। ਇੱਕ ਵਾਰੀ ਅੰਮ੍ਰਿਤਸਰ ਪਗੜੀ ਬੰਨ੍ਹਣ ਦੇ ਮੁਕਾਬਲੇ ਹੋਏ ਮੇਰੀ ਪਗੜੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਿਸੇ ਦੀ ਪੱਗ ਨਹੀਂ ਲਾਹੁਣੀ ਚਾਹੀਦੀ। ਇਸਦਾ ਦਰਦ ਉਹ ਹੀ ਜਾਣਦਾ ਹੈ ਜਿਹਦੀ ਲੱਥਦੀ ਹੈ। ਫ਼ੇਸਬੁੱਕ 'ਤੇ ਵੀਡੀਉ ਮੈਂ ਵੀ ਵੇਖੀ ਹੈ ਪੁਲਿਸ ਵਾਲਿਆਂ ਨੇ ਬਿਨਾਂ ਵਜ੍ਹਾ ਇੱਕ ਵਿਚਾਰੇ ਦੀ ਪਗੜੀ ਲਾਹ ਦਿੱਤੀ। ਕੁਝ ਦਹਾਕੇ ਪਹਿਲਾਂ ਤੱਕ ਪਿੰਡਾਂ ਵਿੱਚ ਪੈਰਾਂ 'ਤੇ ਪਗੜੀ ਰਖਾਉਣ ਦਾ ਰਿਵਾਜ ਸੀ। ਇੱਕ ਧਿਰ ਜ਼ੋਰਾਵਰ ਹੁੰਦੀ ਅਤੇ ਦੂਜੀ ਲਿਫ ਕੇ ਗੁਜ਼ਰ ਕਰਨ ਲਈ ਸਹਿਮਤ ਹੁੰਦੀ ਤਾਂ ਪੈਰਾਂ 'ਤੇ ਪਗੜੀ ਰਖਵਾਈ ਜਾਂਦੀ। ਦਰਅਸਲ ਇਹ ਲਿਫ ਗਈ ਧਿਰ ਸਮੇਤ ਸਮੁੱਚੀ ਮਾਨਵਤਾ ਲਈ ਡੁੱਬ ਮਰਨ ਵਾਲ਼ੇ ਪਲ ਹੁੰਦੇ ਹਨ। ਇੱਕ ਗੀਤ ਵੀ ਹੈ ਸਿਰ ਲੱਥਦਾ ਬੇਸ਼ੱਕ ਲੱਥ ਜਾਵੇ ਸਿੰਘ ਪੱਗ ਨੂੰ ਹੱਥ ਨਹੀ ਪਾਉਣ ਦੇਂਦੇ'। ਚੰਡੀਗੜ੍ਹ 'ਚ ਧਾਰਮਿਕ ਜਨੂੰਨ 'ਚ ਅੰਨ੍ਹੇ ਪੁਲਿਸ ਮੁਲਾਜ਼ਿਮ ਨੇ ਇੱਕ ਸਿੱਖ ਦੀ ਪੱਗ ਲਾਹੀ ਹੈ। ਫਰਾਂਸ ਵਾਲ਼ਿਆਂ ਨੇ ਸਕੂਲਾਂ 'ਚ ਪੱਗ ਬੰਨ੍ਹਣ 'ਤੇ ਪਾਬੰਦੀ ਲਗਾ ਦਿੱਤੀ ਅਖੇ ਇਹ ਧਾਰਮਿਕ ਚਿੰਨ੍ਹ ਹੈ। ਅਮਰੀਕਾ ਵਾਲ਼ੇ ਹਵਾਈ ਅੱਡਿਆਂ 'ਤੇ ਪੱਗਾਂ ਲੁਹਾ ਕੇ ਲੋਕਾਂ ਨੂੰ ਜ਼ਲੀਲ ਕਰੀ ਜਾਂਦੇ ਹਨ। ਇੱਕ ਥਾਣੇਦਾਰ ਨਿੱਕੀ ਜਿਹੀ ਗੱਲ ਤੋਂ ਅਗਲੇ ਦੀ ਪੱਗ ਲਾਹ ਦਿੰਦਾ ਸੀ। ਇੱਕ ਵਾਰ ਉਸਦਾ ਵਾਹ ਇੱਕ ਅਣਖੀ ਕਾਮਰੇਡ ਨਾਲ਼ ਪੈ ਗਿਆ। ਇਹ ਕਾਮਰੇਡ ਵੀ ਕਹਿੰਦਾ ਹੁੰਦਾ ਕਿ ਜਦੋਂ ਮੈਂ ਥਾਣੇ ਦਾ ਬੂਹਾ ਲੰਘਣ ਲੱਗਦਾਂ ਤਾਂ ਆਪਣੀ ਲਾਹ ਕੇ ਕੱਛੇ ਮਾਰ ਲੈਨਾ ਕਿ ਜੇ ਥਾਣੇਦਾਰ ਨੇ ਥਾਣੇਦਾਰੀ ਵਿਖਾਈ ਤਾਂ ਉਹਦੀ ਵੀ ਲਾਹ ਦੇਣੀ ਆ। ਜਦੋਂ ਥਾਣੇਦਾਰ ਕਾਮਰੇਡ ਨੂੰ ਹੱਥ ਪਾਉਣ ਲੱਗਾ ਤਾਂ ਉਸਨੇ ਪਹਿਲਾਂ ਹੀ ਥਾਣੇਦਾਰ ਦੀ ਲਾਹ ਦਿੱਤੀ। ਬਥੇਰੇ ਪੁਲਿਸ ਵਾਲੇ ਹੋ-ਹੱਲਾ ਕਰਨ ਲੱਗੇ ਕਾਮਰੇਡ ਕਹਿੰਦਾ, ''ਅਜੇ ਤਾਂ ਪੁੱਤ ਤੇਰੀ ਚੋਗਾਵੇਂ ਅੱਡੇ 'ਚ ਲੱਥਿਆ ਕਰੂ, ਜਦੋਂ ਤੈਨੂੰ ਵੇਖ ਲਿਆ ਚੋਗਾਵੇਂ ਅੱਡੇ ਤੇਰੀ ਪੱਗ ਲਾਹਿਆ ਕਰੂੰ"। ਉਸ ਦਿਨ ਤੋਂ ਬਾਅਦ ਥਾਣੇਦਾਰ ਨੇ ਹਰ ਗੱਲ 'ਤੇ ਅਗਲੇ ਦੀ ਪੱਗ ਨੂੰ ਹੱਥ ਪਾਉਣਾ ਛੱਡ ਦਿੱਤਾ। ਹੁਣ ਸਰਕਾਰਾਂ ਸੁਣਦੀਆਂ ਕਿਉਂ ਨਹੀਂ ਸਿੱਖ ਲੀਡਰਸ਼ਿੱਪ ਪੱਗ ਦੀ ਬੇਅਦਬੀ ਕਰਨ ਵਿਰੁੱਧ ਦੁਹਾਈ ਦਿੰਦੀ ਹੈ ਪਰ ਨਹੀਂ ਸੁਣਦਾ। ਫਰਾਂਸ, ਅਮਰੀਕਾ ਨੂੰ ਕੀ ਰੋਂਦੇ ਹੋ? ਇੱਥੇ ਪੰਜਾਬ 'ਚ ਪੱਗ ਲੱਥਦਿਆਂ ਮਿੰਟ ਨਹੀਂ ਲੱਗਦਾ। ਆਖ਼ਿਰ ਇਸ ਸ਼ਾਨ ਦੀ ਰਖਵਾਲੀ ਕੌਣ ਕਰੇਗਾ? ਕੀ ਸਿੱਖ ਲੀਡਰਸ਼ਿੱਪ ਇੱਸ ਯੋਗ ਹੈ ਕਿ ਉਹ ਅਵਾਜ਼ ਉਠਾ ਕੇ ਜਾਇਜ਼ ਮੰਗਾਂ ਮੰਨਵਾ ਸਕੇ। ਇਹਨਾਂ ਦੇ ਤਾਂ ਆਪਣੇ ਸਿਰ 'ਤੇ ਹੀ ਪੱਗ ਨਹੀਂ। ਇੱਕ ਹੱਥ ਕੁਰਸੀ ਨੂੰ ਦੂਜਾ ਪਾਇਆ ਪੱਗ ਨੂੰ ਧੋਖਾ ਦੁਨੀਆਂ ਨੂੰ ਦਿੰਦੇ ਧੋਖਾ ਦਿੰਦੇ ਰੱਬ ਨੂੰ। ਜੀਹਦੇ ਆਪਣੇ ਸਿਰ 'ਤੇ ਹੀ ਪੱਗ ਨਹੀਂ ਉਹਨੇ ਕਿਸੇ ਦੀ ਕੀ ਬਚਾਉਣੀ ਆ। ਪਹਿਲਾਂ ਇਹੋ ਜਿਹੀ ਲੀਡਰਸ਼ਿੱਪ ਲੱਭੋ ਜੀਹਦੇ ਆਪਣੇ ਸਿਰ 'ਤੇ ਪੱਗ ਹੋਵੇ। ਤੇ ਜਾਂ ਫਿਰ 'ਕਾਮਰੇਡ' ਵਾਲ਼ਾ ਹੱਲ ਹੈ ਪਹਿਲਾਂ ਹੀ ਲਾਹ ਕੇ ਕੱਛੇ ਮਾਰ ਲਈਏ ਕਿ ਹੁਣ ਲਾਹੁਣ ਵਾਲ਼ੇ ਦੀ ਹੀ ਲਾਹ ਦੇਣੀ ਹੈ। ਪਰ ਇਹ ਹੱਲ ਕੋਈ ਭਲਾਮਾਣਸ ਕਿਵੇਂ ਕਰੇਗਾ? ਹਰ ਫਰੰਟ 'ਤੇ ਆਪਣੀ ਆਵਾਜ਼ ਉਠਾਉਣੀ ਜਾਰੀ ਰੱਖਣੀ ਚਾਹੀਦੀ ਹੈ। ਰੱਬ ਸਾਰਿਆਂ ਦੀ ਪੱਗ ਸਿਰ 'ਤੇ ਰੱਖੇ। ਕਿਸੇ ਦੀ ਵੀ ਨਾ ਲੱਥੇ। ਉਦਾਂ ਅੱਜ ਹਰ ਫਰੰਟ 'ਤੇ ਪਗੜੀ ਸੰਭਾਲ ਲਹਿਰ ਦੀ ਲੋੜ ਹੈ, ''ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਉਏ, ਘੁਣ ਵਾਂਗੂੰ ਲੱਗੇ ਤੈਨੂੰ ਤੇਰੇ ਹੀ ਸਵਾਲ ਉਏ।" ਜਤਿੰਦਰ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਜ਼ਿਲਾ ਅੰਮ੍ਰਿਤਸਰ।

No comments: